ਬਰਨਾਲਾ 24 ਦਸੰਬਰ 2024 (ਅਮਨਦੀਪ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਜੀ ਐੱਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿੱਚ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ਼੍ਰੀ ਜਪੁਜੀ ਸਾਹਿਬ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਇਸ ਮੌਕੇ ਬੱਚਿਆਂ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਕਵਿਤਾਵਾਂ , ਭਾਸ਼ਣ ਅਤੇ ਕਵੀਸ਼ਰੀ ਪੇਸ਼ ਕੀਤੀ ਗਈ।
ਸਕੂਲ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਰੇਸ਼ ਬਾਂਸਲ ਜੀ ਅਤੇ ਚੇਅਰਮੈਨ ਸ਼੍ਰੀ ਰਿਸ਼ਵ ਜੈਨ ਜੀ ਵੀ ਇਸ ਪਾਠ ਵਿੱਚ ਸ਼ਾਮਿਲ ਸਨ।ਗੁਰੂ ਜੀ ਦੇ ਪੂਰੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਸਕੂਲ ਪਿ੍ੰਸੀਪਲ ਮੈਡਮ ਮੋਨਿਕਾ ਸਤੀਜਾ ਜੀ ਨੇ ਬੱਚਿਆਂ ਨੂੰ ਗੁਰੂ ਪਰਿਵਾਰ ਦਾ ਪੂਰਾ ਇਤਿਹਾਸ ਦੱਸਿਆ। ਉਨ੍ਹਾਂ ਬੱਚਿਆਂ ਨੂੰ ਦਸਵੇਂ ਪਾਤਸ਼ਾਹ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੀ ਧਰਮ ਦੀ ਖਾਤਿਰ ਕੀਤੀ ਕੁਰਬਾਨੀ ਬਾਰੇ ਦੱਸਦਿਆਂ ਕਿਹਾ ਕਿ ਕਿਸ ਤਰ੍ਹਾਂ ਗੁਰੂ ਜੀ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦੁਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਵਾਰ ਦਿੱਤਾ। ਗੁਰੂ ਜੀ ਨੇ ਮੁਗਲਾਂ ਦੀ ਈਨ ਨਹੀਂ ਮੰਨੀ ਅਤੇ ਇਸ ਕਾਰਨ ਕਰਕੇ ਉਨ੍ਹਾਂ ਨੂੰ ਆਪਣੇ ਚਾਰੇ ਪੁੱਤਰ ਅਤੇ ਮਾਤਾ ਗੁਜਰੀ ਜੀ ਨੂੰ ਕੁਰਬਾਨ ਕਰ ਦਿੱਤਾ।
ਪੂਰੇ ਪਰਿਵਾਰ ਨੂੰ ਧਰਮ ਦੇ ਲਈ ਵਾਰਨ ਵਾਲੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਨੂੰ ਪੂਰੀ ਰਹਿੰਦੀ ਦੁਨੀਆਂ ਤੱਕ ਯਾਦ ਕੀਤੀ ਜਾਵੇਗੀ। ਉਨ੍ਹਾਂ ਛੋਟੇ ਛੋਟੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਬਾਰੇ ਵਿਦਿਆਰਥੀਆਂ ਨੂੰ ਦੱਸਦੇ ਹੋਏ ਕਿਹਾ ਕਿ ਜਿਸ ਉਮਰ ਵਿੱਚ ਬੱਚੇ ਹਲੇ ਮਾਂ ਦੀ ਗੋਦ ਵਿੱਚੋਂ ਬਾਹਰ ਨਹੀਂ ਨਿਕਲਦੇ ਉਸ ਉਮਰ ਵਿੱਚ ਉਨ੍ਹਾਂ ਨੇ ਦੇਸ਼ ਅਤੇ ਧਰਮ ਲਈ ਆਪਣੀਆਂ ਨਿੱਕੀਆਂ ਨਿੱਕੀਆਂ ਜਿੰਦਾਂ ਦੀ ਕੁਰਬਾਨੀ ਦੇ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸ਼ਹੀਦੀ ਜੋੜ ਮੇਲੇ ਨੂੰ ਯਾਦ ਰੱਖਣ ਅਤੇ ਬੱਚਿਆਂ ਦੀ ਸ਼ਹਾਦਤ ਨਾ ਭੁੱਲਣ ਲਈ ਪ੍ਰੇਰਿਤ ਕੀਤਾ।


0 Comments