ਮੋਗਾ -ਪੰਜਾਬ ਪੁਲਿਸ ਦੀ ਇੱਕ ਮੁਅੱਤਲ ਮਹਿਲਾ ਇੰਸਪੈਕਟਰ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਮੋਗਾ ਦੇ ਕੋਟ ਈਸੇ ਖਾਂ ਥਾਣੇ ਵਿੱਚ ਤਾਇਨਾਤ ਸੀ ਜਿਸ ਵੇਲੇ ਉਸ ਨੂੰ ਨਸ਼ਾ ਤਸਕਰਾਂ ਨੂੰ ਛੱਡਣ ਬਦਲੇ ਰਿਸ਼ਵਤ ਲੈਣ ਅਤੇ ਤਿੰਨ ਕਿਲੋ ਅਫੀਮ ਗਾਇਬ ਕਰਨ ਦੇ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ। ਆਪਣੀ ਮੁਅੱਤਲੀ ਤੋਂ ਬਾਅਦ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਡੀਐਸਪੀ ਰਮਨਦੀਪ ਸਿੰਘ ਅਤੇ ਹੋਰ ਉੱਚ ਪੁਲਿਸ ਅਧਿਕਾਰੀਆਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਸਮੇਤ ਹੋਰ ਵੀ ਗੰਭੀਰ ਦੋਸ਼ ਲਗਾਏ ਸਨ।
ਇੰਸਪੈਕਟਰ ਵੱਲੋਂ ਲਗਾਏ ਇਹਨਾਂ ਦੋਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਜੇਲ੍ਹ ਵਿੱਚ ਡੱਕਣ ਲਈ ਹਰ ਤਰ੍ਹਾਂ ਦਾ ਜਾਲ ਬੁਣਦੀ ਨਜ਼ਰ ਆ ਰਹੀ ਹੈ। ਮੁਅੱਤਲ ਮਹਿਲਾ ਇੰਸਪੈਕਟਰ ਗਰੇਵਾਲ ਦੇ ਖ਼ਿਲਾਫ਼ ਨਸ਼ਾ ਤਸਕਰੀ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਮਹਿਲਾ ਇੰਸਪੈਕਟਰ ਵੱਲੋਂ ਡੀਐਸਪੀ 'ਤੇ ਜਿਨਸੀ ਸ਼ੋਸ਼ਣ ਦੇ ਲਗਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਇੱਕ ਪਾਸੇ ਰੱਖ ਕੇ ਉੱਚ ਪੁਲਿਸ ਅਧਿਕਾਰੀ ਮਹਿਲਾ ਇੰਸਪੈਕਟਰ ਦੇ ਖ਼ਿਲਾਫ਼ ਜਾਂਚ ਦੇ ਘੇਰੇ ਨੂੰ ਵਿਸ਼ਾਲ ਕਰ ਰਹੇ ਹਨ। ਉੱਚ ਪੁਲਿਸ ਅਧਿਕਾਰੀਆਂ ਅਨੁਸਾਰ ਮਹਿਲਾ ਇੰਸਪੈਕਟਰ ਦੇ ਘਰ ਦੀ ਤਲਾਸ਼ੀ ਦੌਰਾਨ ਨਸ਼ੇ ਦੇ ਰੂਪ ਵਿੱਚ ਵਰਤੋਂਯੋਗ 139 ਗੋਲੀਆਂ ਮਿਲੀਆਂ ਹਨ ਜਿਨਾਂ ਵਿੱਚੋਂ ਕੁਝ ਗੋਲੀਆਂ ਖੁੱਲੀਆਂ ਤੇ ਟੁੱਟੀਆਂ ਫੁੱਟੀਆਂ ਵੀ ਹਨ।
ਇਹਨਾਂ ਗੋਲੀਆਂ ਦੀ ਬਰਾਮਦਗੀ ਸਬੰਧੀ ਮੋਗਾ ਦੇ ਥਾਣਾ ਸਿਟੀ ਵਿੱਚ ਨਸ਼ਾ ਤਸਕਰੀ ਦੇ ਦੋਸ਼ ਹੇਠ ਮੁਅੱਤਲ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੇ ਖਿਲਾਫ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਮਹਿਲਾ ਇੰਸਪੈਕਟਰ ਦੇ ਖਿਲਾਫ ਪੁਲਿਸ ਵੱਲੋਂ ਕੀਤੀ ਕਾਰਵਾਈ ਨੂੰ ਗੁਪਤ ਰੱਖਿਆ ਜਾ ਰਿਹਾ ਤੇ ਇਸ ਸਬੰਧੀ ਕੋਈ ਵੀ ਪੁਲਿਸ ਅਫਸਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਪੁਲਿਸ ਸੂਤਰਾਂ ਅਨੁਸਾਰ ਮਹਿਲਾ ਇੰਸਪੈਕਟਰ ਖਿਲਾਫ ਪੁਰਾਣੀਆਂ ਸ਼ਿਕਾਇਤਾਂ ਨੂੰ ਮੁੜ ਖੋਲ ਕੇ ਘੋਖਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਛੱਡਣ ਬਦਲੇ 8 ਲੱਖ ਦਾ ਸੌਦਾ ਕਰਕੇ 5 ਲੱਖ ਦੀ ਰਿਸ਼ਵਤ ਲੈਣ ਅਤੇ ਤਿੰਨ ਕਿਲੋ ਅਫੀਮ ਗਾਇਬ ਕਰਨ ਦਾ ਦੋਸ਼ ਹੈ। ਪੁਲਿਸ ਵੱਲੋਂ ਮਹਿਲਾ ਇੰਸਪੈਕਟਰ ਗਰੇਵਾਲ ਦੇ ਖ਼ਿਲਾਫ਼ ਜਾਂਚ ਐਨੀ ਤੇਜ਼ੀ ਅਤੇ ਗੁਪਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਪੁਲਿਸ ਮਹਿਲਾ ਇੰਸਪੈਕਟਰ ਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ ਵਿੱਚ ਬੰਦ ਕਰਨਾ ਚਾਹੁੰਦੀ ਹੈ।
0 Comments